Morning Hukamnama | Sri Harmandir Sahib ji | 01 October 2018

https://youtu.be/uPhn8e18LqU

☬ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ☬

ਅੱਜ ਦਾ ਮੁੱਖਵਾਕ,੧ ਅਕਤੂਬਰ ੨੦੧੮,ਸੋਮਵਾਰ,੧੫ ਅੱਸੂ (ਸੰਮਤ ੫੫੦ ਨਾਨਕਸ਼ਾਹੀ)
ਗੋਂਡ ਮਹਲਾ ੫ ॥
ਜਾ ਕਉ ਰਾਖੈ ਰਾਖਣਹਾਰੁ ॥ ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥ਮਾਤ ਗਰਭ ਮਹਿ ਅਗਨਿ ਨ ਜੋਹੈ ॥ ਕਾਮੁ ਕ੍ਰੋਧੁ ਲੋਭੁ ਮੋਹੁ ਨ ਪੋਹੈ ॥ ਸਾਧਸੰਗਿ ਜਪੈ ਨਿਰੰਕਾਰੁ ॥ ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥ ਰਾਮ ਕਵਚੁ ਦਾਸ ਕਾ ਸੰਨਾਹੁ ॥ ਦੂਤ ਦੁਸਟ ਤਿਸੁ ਪੋਹਤ ਨਾਹਿ ॥ ਜੋ ਜੋ ਗਰਬੁ ਕਰੇ ਸੋ ਜਾਇ ॥ ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥ ਜੋ ਜੋ ਸਰਣਿ ਪਇਆ ਹਰਿ ਰਾਇ ॥ ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥ ਜੇ ਕੋ ਬਹੁਤੁ ਕਰੇ ਅਹੰਕਾਰੁ ॥ ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ ॥੩॥ ਹੈ ਭੀ ਸਾਚਾ ਹੋਵਣਹਾਰੁ ॥ ਸਦਾ ਸਦਾ ਜਾਈ ਬਲਿਹਾਰ ॥ ਅਪਣੇ ਦਾਸ ਰਖੇ ਕਿਰਪਾ ਧਾਰਿ ॥ ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥ (ਅੰਗ:੮੬੮)

ਪਦਅਰਥ: ਜਾ ਕਉ = ਜਿਸ (ਮਨੁੱਖ) ਨੂੰ। ਰਾਖੈ = ਬਚਾਂਦਾ ਹੈ। ਰਾਖਣਹਾਰੁ = ਬਚਾਣ ਦੀ ਸਮਰਥਾ ਵਾਲਾ ਪ੍ਰਭੂ। ਤਿਸ ਕਾ = {ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ}। ਅੰਗੁ = ਪੱਖ। ਨਿਰੰਕਾਰੁ = ਆਕਾਰ = ਰਹਿਤ ਪ੍ਰਭੂ।੧।ਰਹਾਉ। ਜੋਹੈ– ਤੱਕਦੀ, ਦੁੱਖ ਦੇਂਦੀ। ਨ ਪੋਹੈ– ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਕੈ ਮੁਹਿ = ਦੇ ਮੂੰਹ ਵਿਚ, ਦੇ ਸਿਰ ਉਤੇ। ਛਾਰੁ = ਸੁਆਹ।੧। ਕਵਚੁ = {कवच} ੧. ਲੋਹੇ ਦਾ ਕੋਟ, ਜ਼ਿਰਹ ਬਕਤਰ ੨. ਤੰਤਰ ਜੋ ਸ਼ਸਤ੍ਰਾਂ ਦੀ ਮਾਰ ਤੋਂ ਬਚਾ ਸਕੇ। ਸੰਨਾਹੁ = ਸੰਜੋਅ। ਦੂਤ = (ਕਾਮਾਦਿਕ) ਵੈਰੀ। ਦੁਸਟ = ਭੈੜੇ ਚੰਦਰੇ। ਗਰਬੁ = ਅਹੰਕਾਰ। ਜਾਇ = ਨਾਸ ਹੋ ਜਾਂਦਾ ਹੈ। ਸਰਣਾਇ = ਆਸਰਾ।੨। ਰਾਇ = ਰਾਜਾ, ਪਾਤਿਸ਼ਾਹ। ਕੰਠਿ = ਗਲ ਨਾਲ। ਲਾਇ = ਲਾ ਕੇ। ਖਾਕੂ ਨਾਲਿ = ਮਿੱਟੀ ਵਿਚ।੩। ਹੈ ਭੀ = ਹੁਣ ਭੀ ਮੌਜੂਦ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ। ਹੋਵਣਹਾਰੁ = ਅਗਾਂਹ ਨੂੰ ਭੀ ਕਾਇਮ ਰਹਿਣ ਵਾਲਾ। ਜਾਈ = ਮੈਂ ਜਾਂਦਾ ਹਾਂ। ਬਲਿਹਾਰ = ਕੁਰਬਾਨ। ਧਾਰਿ = ਧਾਰ ਕੇ, ਕਰ ਕੇ। ਅਧਾਰ = ਆਸਰਾ।੪।

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਰੱਖਣ-ਜੋਗ ਪ੍ਰਭੂ (ਕਾਮਾਦਿਕ ਵਿਕਾਰਾਂ ਤੋਂ) ਬਚਾਣਾ ਚਾਹੁੰਦਾ ਹੈ, ਪ੍ਰਭੂ ਉਸ ਮਨੁੱਖ ਦਾ ਪੱਖ ਕਰਦਾ ਹੈ (ਉਸ ਦੀ ਮਦਦ ਕਰਦਾ ਹੈ) ।੧।ਰਹਾਉ। ਹੇ ਭਾਈ! ਜਿਵੇਂ ਜੀਵ ਨੂੰ) ਮਾਂ ਦੇ ਪੇਟ ਵਿਚ ਅੱਗ ਦੁੱਖ ਨਹੀਂ ਦੇਂਦੀ, (ਤਿਵੇਂ ਪ੍ਰਭੂ ਜਿਸ ਮਨੁੱਖ ਦਾ ਪੱਖ ਕਰਦਾ ਹੈ, ਉਸ ਨੂੰ) ਕਾਮ, ਕ੍ਰੋਧ, ਲੋਭ, ਮੋਹ (ਕੋਈ ਭੀ) ਆਪਣੇ ਦਬਾਉ ਵਿਚ ਨਹੀਂ ਲਿਆ ਸਕਦਾ। ਉਹ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦਾ ਹੈ, (ਪਰ ਉਸ) ਦੀ ਨਿੰਦਾ ਕਰਨ ਵਾਲੇ ਮਨੁੱਖ ਦੇ ਸਿਰ ਉਤੇ ਸੁਆਹ ਪੈਂਦੀ ਹੈ (ਨਿੰਦਕ ਬਦਨਾਮੀ ਹੀ ਖੱਟਦਾ ਹੈ) ।੧। ਹੇ ਭਾਈ! ਪਰਮਾਤਮਾ (ਦਾ ਨਾਮ) ਸੇਵਕ ਵਾਸਤੇ (ਸ਼ਸਤ੍ਰਾਂ ਦੀ ਮਾਰ ਤੋਂ ਬਚਾਣ ਵਾਲਾ) ਤੰਤ੍ਰ ਹੈ, ਸੰਜੋਅ ਹੈ (ਜਿਸ ਮਨੁੱਖ ਦੇ ਪਾਸ ਰਾਮ-ਨਾਮ ਦਾ ਕਵਚ ਹੈ ਸੰਜੋਅ ਹੈ) ਉਸ ਨੂੰ (ਕਾਮਾਦਿਕ) ਚੰਦਰੇ ਵੈਰੀ ਪੋਹ ਨਹੀਂ ਸਕਦੇ। (ਪਰ) ਜੇਹੜਾ ਜੇਹੜਾ ਮਨੁੱਖ (ਆਪਣੀ ਤਾਕਤ ਦਾ) ਮਾਣ ਕਰਦਾ ਹੈ, ਉਹ (ਆਤਮਕ ਜੀਵਨ ਵਲੋਂ) ਤਬਾਹ ਹੋ ਜਾਂਦਾ ਹੈ। ਗ਼ਰੀਬ ਦਾ ਆਸਰਾ ਸੇਵਕ ਦਾ ਆਸਰਾ ਪ੍ਰਭੂ ਆਪ ਹੈ।੨। ਹੇ ਭਾਈ! ਜੇਹੜਾ ਜੇਹੜਾ ਮਨੁੱਖ ਪ੍ਰਭੂ ਪਾਤਿਸ਼ਾਹ ਦੀ ਸਰਨੀ ਪੈ ਜਾਂਦਾ ਹੈ, ਉਸ ਸੇਵਕ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ (ਦੁਸਟ ਦੂਤਾਂ ਤੋਂ) ਬਚਾ ਲੈਂਦਾ ਹੈ। ਪਰ ਜੇਹੜਾ ਮਨੁੱਖ (ਆਪਣੀ ਹੀ ਤਾਕਤ ਉਤੇ) ਬੜਾ ਮਾਣ ਕਰਦਾ ਹੈ, ਉਹ ਮਨੁੱਖਾਂ (ਇਹਨਾਂ ਦੂਤਾਂ ਦੇ ਟਾਕਰੇ ਤੇ) ਇਕ ਖਿਨ ਵਿਚ ਹੀ ਮਿੱਟੀ ਵਿਚ ਮਿਲ ਜਾਂਦਾ ਹੈ।੩। ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੁਣ ਭੀ ਮੌਜੂਦ ਹੈ, ਸਦਾ ਲਈ ਮੌਜੂਦ ਰਹੇਗਾ। ਮੈਂ ਸਦਾ ਉਸੇ ਉਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਨਾਨਕ ਦੇ ਪ੍ਰਭੂ ਜੀ ਆਪਣੇ ਦਾਸਾਂ ਦੀ ਜਿੰਦ ਦਾ ਆਸਰਾ ਹਨ। ਪ੍ਰਭੂ ਆਪਣੇ ਦਾਸ ਨੂੰ ਕਿਰਪਾ ਕਰ ਕੇ (ਵਿਕਾਰਾਂ ਤੋਂ ਸਦਾ) ਬਚਾਂਦਾ ਹੈ।੪।੧੮।੨੦।

Waheguru Ji Ka Khalsa Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ