Morning Hukamnama | Sri Harmandir Sahib ji | 29 May 2018

https://youtu.be/uwIg724gil0

☬ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਹਿਬ ਜੀ,ਸ਼੍ਰੀ ਅੰਮ੍ਰਿਤਸਰ ਸਹਿਬ ਤੋਂ ਜੀ ☬

ਅੱਜ ਦਾ ਮੁੱਖਵਾਕ,੨੯ ਮਈ ੨੦੧੮,ਮੰਗਲਵਾਰ,੧੬ ਜੇਠ (ਸੰਮਤ ੫੫੦ ਨਾਨਕਸ਼ਾਹੀ,ਅੰਗ:੫੪੭)
ਬਿਹਾਗੜਾ ਮਹਲਾ ੫ ਛੰਤ ॥
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥ ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥ ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥ ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥ ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥ ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥ ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥ ਮਾਇਆ ਝੂਠੁ ਰੁਦਨੁ ਕੇਤੇ ਬਿਲਲਾਹੀ ਰਾਮ ॥ ਬਿਲਲਾਹਿ ਕੇਤੇ ਮਹਾ ਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਹੀ ॥ ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ॥ ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥ ਬਿਨਵੰਤ ਨਾਨਕ ਜਿਨ ਸਾਧਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥੨॥ ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥ ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥ ਹਰਿਚੰਦਉਰੀ ਦੇਖਿ ਭੂਲਾ ਕਹਾ ਅਸਥਿਤਿ ਪਾਈਐ ॥ ਬਿਨੁ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮੁ ਗਵਾਈਐ ॥ ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਂਮ ਪੂਰਨ ਗਿਆਨੇ ॥ ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ ॥੩॥ ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ॥ ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥ ਸਾਧਸੰਗਮਿ ਹਰਿ ਅਰਾਧੇ ਸਗਲ ਕਲਮਲ ਦੁਖ ਜਲੇ ॥ ਮਹਾ ਧਰਮ ਸੁਦਾਨ ਕਿਰਿਆ ਸੰਗਿ ਤੇਰੈ ਸੇ ਚਲੇ ॥ ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ ॥ ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ ॥੪॥੬॥੯॥

ਪਦਅਰਥ: ਸੁਧਰਮੀੜਿਆ = ਹੇ ਸੁਧਰਮੀ! ਹੇ ਸ੍ਰੇਸ਼ਟ ਧਰਮ ਵਾਲੇ! ਹੇ (ਸਾਰੀਆਂ ਜੂਨਾਂ ਵਿਚੋਂ) ਉੱਤਮ ਫ਼ਰਜ਼ ਵਾਲੇ। ਕਤ = ਕਿਉਂ? ਨੇਤ੍ਰੀ ਦੇਖਿ = ਅੱਖਾਂ ਨਾਲ ਵੇਖ। ਬਿਉਹਾਰੀ = ਵਿਹਾਰ ਕਰਨ ਵਾਲਾ। ਸੰਗਿ = ਨਾਲ। ਵੇਸ = ਕੱਪੜੇ। ਸੁਵਰਨ = ਸੋਨਾ। ਰੂਪਾ = ਚਾਂਦੀ। ਊਣੇ = ਖ਼ਾਲੀ, ਵਿਅਰਥ। ਕਲਤ੍ਰ = ਇਸਤ੍ਰੀ। ਹਸਤ ਘੋਰਿ = ਹਾਥੀ ਘੋੜੇ। ਵਿਕਾਰੀ = ਵਿਕਾਰਾਂ ਵਲ ਲੈ ਜਾਣ ਵਾਲੇ। ਮਿਥਿਆ = ਨਾਸਵੰਤ। ਸੰਸਾਰੀ = ਸੰਸਾਰ ਦੇ ਉੱਦਮ।੧। ਰਾਜਨ = ਹੇ ਧਰਤੀ ਦੇ ਸਰਦਾਰ! ਭਰੇ = ਭਰਿ, ਭਰ ਕੇ। ਨੀਦ ਭਰੇ = ਗੂੜ੍ਹੀ ਨੀਂਦ ਵਿਚ। ਕਤ = ਕਿਉਂ? ਰੁਦਨੁ = ਰੋਣ = ਕੁਰਲਾਣ, ਤਰਲਾ। ਕੇਤੇ = ਕਿਤਨੇ ਹੀ, ਬੇਅੰਤ ਜੀਵ। ਬਿਲਲਾਹੀ = ਬਿਲਲਾਹਿ, ਵਿਲਕਦੇ ਹਨ। ਮਹਾ ਮੋਹਨ– ਡਾਢੀ ਮਨ = ਮੋਹਣੀ ਮਾਇਆ ਦੀ ਖ਼ਾਤਰ। ਸਹਸ = ਹਜ਼ਾਰਾਂ। ਉਪਾਵ = (ਲਫ਼ਜ਼ ‘ਉਪਾਉ’ ਤੋਂ ਬਹੁ-ਵਚਨ) । ਭਾਵਤ = (ਪ੍ਰਭੂ ਨੂੰ) ਚੰਗਾ ਲੱਗਦਾ ਹੈ। ਜਾਹੀ = ਜਾਹਿ, ਜਾਂਦੇ ਹਨ। ਆਦਿ ਅੰਤੇ ਮਧਿ = ਸ਼ੁਰੂ ਵਿਚ, ਅਖ਼ੀਰ ਵਿਚ, ਵਿਚਕਾਰਲੇ ਸਮੇ ਵਿਚ, ਸਦਾ ਹੀ। ਪੂਰਨ = ਵਿਆਪਕ। ਸਰਬਤ੍ਰ = ਹਰ ਥਾਂ। ਘਟਿ ਘਟਿ = ਹਰੇਕ ਸਰੀਰ ਵਿਚ। ਆਹੀ = ਹੈ। ਸੰਗਮੁ = ਮਿਲਾਪ। ਸਾਧ ਸੰਗਮੁ = ਗੁਰੂ ਦਾ ਮਿਲਾਪ। ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ = ਚਰਨਾਂ ਵਿਚ।੨। ਨਰਪਤਿ = ਰਾਜਾ। ਜਾਣਿ = ਜਾਣ ਕੇ, ਸਮਝ ਕੇ। ਗ੍ਰਹਿਓ = (ਮੋਹ ਵਿਚ) ਫਸ ਜਾਂਦਾ ਹੈ। ਸਰਪਰ = ਜ਼ਰੂਰ। ਮੋਹੇ = (ਜਿਹੜੇ) ਮੋਹ ਵਿਚ ਫਸਦੇ ਹਨ। ਹਰਿਚੰਦਉਰੀ = ਹਰਿਚੰਦ = ਨਗਰੀ, ਗੰਧਰਬ = ਨਗਰੀ, ਆਕਾਸ਼ ਵਿਚ ਖ਼ਿਆਲੀ ਨਗਰੀ। ਦੇਖਿ = ਵੇਖ ਕੇ। ਅਸਥਿਤਿ = ਪੱਕਾ ਟਿਕਾਣਾ। ਕਹਾ = ਕਿੱਥੇ? ਕਿਤੇ ਭੀ ਨਹੀਂ। ਆਨ = ਹੋਰ। ਅਹਿਲਾ = ਆਹਲਾ, ਉੱਤਮ। ਗਵਾਈਐ = ਗਵਾ ਲਈਦਾ ਹੈ। ਹਉ ਹਉ = ਮੈਂ (ਵੱਡਾ ਬਣ ਜਾਵਾਂ) , ਮੈਂ (ਵੱਡਾ ਬਣ ਜਾਵਾਂ) । ਕਾਂਮ = ਮਨੁੱਖਾ ਜਨਮ ਦਾ ਮਨੋਰਥ। ਗਿਆਨ = ਆਤਮਕ ਜੀਵਨ ਦੀ ਸਮਝ। ਕੇਤਿਆ = ਅਨੇਕਾਂ ਹੀ।੩। ਅਨੁਗ੍ਰਹੋ = ਅਨੁਗ੍ਰਹੁ, ਦਇਆ। ਭੁਜਾ = ਬਾਂਹ। ਗਹਿ = ਫੜ ਕੇ। ਸਾਧੂ ਸੰਗੁ = ਗੁਰੂ ਦਾ ਮਿਲਾਪ। ਸੰਗਮਿ = ਸੰਗਤਿ ਵਿਚ। ਕਲਮਲ = ਪਾਪ। ਮਹਾ ਧਰਮ = ਨਾਮ = ਧਰਮ। ਦਾਨ ਕਿਰਿਆ = ਨਾਮ = ਦਾਨ ਦੀ ਕਿਰਿਆ। ਸੇ = ਇਹੀ {ਬਹੁ-ਵਚਨ}। ਰਸਨਾ = ਜੀਭ (ਨਾਲ) । ਭੀਨਾ = ਭਿੱਜ ਜਾਂਦਾ ਹੈ। ਨਾਮਿ = ਨਾਮ ਨਾਲ। ਪਰਬੀਨਾ = ਸਿਆਣਾ।੪।

ਅਰਥ: ਹੇ (ਸਾਰੀਆਂ) ਜੂਨਾਂ ਵਿਚੋਂ (ਉੱਤਮ ਫ਼ਰਜ਼ ਵਾਲੇ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬੋਲ ਬੋਲਿਆ ਕਰ। (ਸਿਫ਼ਤਿ-ਸਾਲਾਹ ਵਲੋਂ) ਤੂੰ ਕਿਉਂ ਚੁੱਪ ਵੱਟੀ ਹੋਈ ਹੈ? ਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇਥੋਂ ਖ਼ਾਲੀ ਹੱਥ) ਤੁਰ ਪੈਂਦਾ ਹੈ। ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ। ਦੇਸਾਂ (ਦੇ ਰਾਜ) , ਕੱਪੜੇ, ਸੋਨਾ, ਚਾਂਦੀ (-ਇਹਨਾਂ ਦੀ ਖ਼ਾਤਰ ਕੀਤੇ ਹੋਏ) ਸਾਰੇ ਉੱਦਮ ਵਿਅਰਥ ਹੋ ਜਾਂਦੇ ਹਨ। ਹੇ ਭਾਈ! ਪੁੱਤਰ, ਇਸਤ੍ਰੀ, ਦੁਨੀਆ ਦੀ ਵਡਿਆਈ-ਕੁਝ ਭੀ ਮਨੁੱਖ ਦੇ ਨਾਲ ਨਹੀਂ ਜਾਂਦਾ। ਹਾਥੀ ਘੋੜੇ ਆਦਿਕਾਂ ਦੀ ਲਾਲਸਾ ਭੀ ਵਿਕਾਰਾਂ ਵਲ ਲੈ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ-ਸਾਧ ਸੰਗਤਿ ਤੋਂ ਬਿਨਾ ਦੁਨੀਆ ਦੇ ਸਾਰੇ ਉੱਦਮ ਨਾਸਵੰਤ ਹਨ। ਹੇ ਧਰਤੀ ਦੇ ਸਰਦਾਰ ਮਨੁੱਖ! ਤੂੰ ਕਿਉਂ ਮਾਇਆ ਦੇ ਮੋਹ ਦੀ ਗੂੜ੍ਹੀ ਨੀਂਦ ਵਿਚ ਸੌਂ ਰਿਹਾ ਹੈਂ? ਤੂੰ ਕਿਉਂ ਸੁਚੇਤ ਨਹੀਂ ਹੁੰਦਾ? ਇਸ ਮਾਇਆ ਦੀ ਖ਼ਾਤਰ ਅਨੇਕਾਂ ਹੀ ਮਨੁੱਖ ਝੂਠਾ ਰੋਣ-ਕੁਰਲਾਣ ਕਰਦੇ ਆ ਰਹੇ ਹਨ, ਵਿਲਕਦੇ ਆ ਰਹੇ ਹਨ। ਬੇਅੰਤ ਪ੍ਰਾਣੀ ਇਸ ਡਾਢੀ ਮਨ-ਮੋਹਣੀ ਮਾਇਆ ਦੀ ਖ਼ਾਤਰ ਤਰਲੇ ਲੈਂਦੇ ਆ ਰਹੇ ਹਨ (ਕਿ ਮਾਇਆ ਮਿਲੇ ਤੇ ਮਾਇਆ ਤੋਂ ਸੁਖ ਮਿਲੇ, ਪਰ) ਪਰਮਾਤਮਾ ਦੇ ਨਾਮ ਤੋਂ ਬਿਨਾ ਸੁਖ (ਕਿਸੇ ਨੂੰ) ਨਹੀਂ ਲੱਭਾ। ਜੀਵ ਹਜ਼ਾਰਾਂ ਚਤੁਰਾਈਆਂ ਹਜ਼ਾਰਾਂ ਹੀਲੇ ਕਰਦੇ ਥੱਕ ਜਾਂਦੇ ਹਨ (ਮਾਇਆ ਦੇ ਮੋਹ ਵਿਚੋਂ ਖ਼ਲਾਸੀ ਭੀ ਨਹੀਂ ਹੁੰਦੀ। ਹੋਵੇ ਭੀ ਕਿਵੇਂ?) ਜਿਧਰ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਉਧਰ ਹੀ ਜੀਵ ਜਾ ਸਕਦੇ ਹਨ। ਉਹ ਪਰਮਾਤਮਾ ਸਦਾ ਲਈ ਹੀ ਸਰਬ-ਵਿਆਪਕ ਹੈ, ਹਰ ਥਾਂ ਮੌਜੂਦ ਹੈ, ਹਰੇਕ ਸਰੀਰ ਵਿਚ ਹੈ। ਨਾਨਕ ਬੇਨਤੀ ਕਰਦਾ ਹੈ-ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਉਹ (ਇਥੋਂ) ਇੱਜ਼ਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਜਾਂਦੇ ਹਨ।੨। (ਜੇ ਕੋਈ ਮਨੁੱਖ) ਰਾਜਾ (ਬਣ ਜਾਂਦਾ ਹੈ, ਤਾਂ ਉਹ) ਸਿਆਣੇ ਸੇਵਕਾਂ ਨੂੰ (ਆਪਣੇ) ਜਾਣ ਕੇ (ਰਾਜ ਦੇ ਮੋਹ ਵਿਚ) ਫਸ ਜਾਂਦਾ ਹੈ। (ਪਰ ਦੁਨੀਆ ਦੇ ਸਾਰੇ ਪਦਾਰਥਾਂ ਨਾਲੋਂ) ਜ਼ਰੂਰ ਵਿਛੁੜ ਜਾਣਾ ਹੈ, (ਜੇਹੜੇ ਮਨੁੱਖ ਦੁਨੀਆ ਦੇ ਮੋਹ ਵਿਚ) ਫਸਦੇ ਹਨ, ਉਹ ਆਖ਼ਰ ਹੱਥ ਮਲਦੇ ਰਹਿ ਜਾਂਦੇ ਹਨ। ਮਨੁੱਖ ਆਕਾਸ਼ ਵਿਚ ਦੇ ਖ਼ਿਆਲੀ ਸ਼ਹਰ ਵਰਗੇ ਜਗਤ ਨੂੰ ਵੇਖ ਕੇ ਕੁਰਾਹੇ ਪੈ ਜਾਂਦਾ ਹੈ, ਪਰ ਇਥੇ ਕਿਤੇ ਭੀ ਸਦਾ ਦਾ ਟਿਕਾਣਾ ਨਹੀਂ ਮਿਲ ਸਕਦਾ। ਪਰਮਾਤਮਾ ਦੇ ਨਾਮ ਤੋਂ ਖੁੰਝ ਕੇ, ਜਗਤ-ਚਰਨਾ ਦੇ ਹੋਰ ਹੋਰ ਪਦਾਰਥਾਂ ਵਿਚ ਫਸ ਕੇ ਸ੍ਰੇਸ਼ਟ ਮਨੁੱਖਾ ਜਨਮ ਗਵਾ ਲਈਦਾ ਹੈ।੩। “ਮੈਂ (ਵੱਡਾ ਬਣ ਜਾਵਾਂ) , ਮੈਂ (ਵੱਡ ਬਣ ਜਾਵਾਂ) “-ਇਹ ਕਰਦਿਆਂ ਕਦੇ ਮਾਇਆ ਦੀ ਤ੍ਰਿਸ਼ਨਾ ਮੁੱਕਦੀ ਨਹੀਂ, ਮਨੁੱਖਾ ਜਨਮ ਦਾ ਮਨੋਰਥ ਹਾਸਲ ਨਹੀਂ ਹੋ ਸਕਦਾ, ਆਤਮਕ ਜੀਵਨ ਦੀ ਸਮਝ ਭੀ ਨਹੀਂ ਪੈਂਦੀ। ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਜੀਵ ਹੱਥ ਮਲਦੇ ਜਾਂਦੇ ਹਨ।੩। (ਹੇ ਭਾਈ! ਜਿਸ ਮਨੁੱਖ ਨੂੰ) ਪਰਮਾਤਮਾ ਦਇਆ ਕਰ ਕੇ ਆਪਣਾ ਬਣਾ ਲੈਂਦਾ ਹੈ ਉਸ ਨੂੰ ਗੁਰੂ ਦਾ ਮਿਲਾਪ ਬਖ਼ਸ਼ਦਾ ਹੈ, ਤੇ ਉਸ ਨੂੰ ਬਾਹੋਂ ਫੜ ਕੇ (ਮੋਹ ਦੇ ਖੂਹ ਵਿਚੋਂ) ਕੱਢ ਲੈਂਦਾ ਹੈ। ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ। ਹੇ ਭਾਈ! ਸਭ ਤੋਂ ਵੱਡਾ ਧਰਮ ਨਾਮ-ਜਪਣ ਦਾ ਧਰਮ-ਅਤੇ ਸਭ ਤੋਂ ਵੱਡਾ ਦਾਨ-ਨਾਮ-ਦਾਨ-ਇਹੀ ਕੰਮ (ਜਗਤ ਤੋਂ) ਤੇਰੇ ਨਾਲ ਜਾ ਸਕਦੇ ਹਨ। ਹੇ ਨਾਨਕ! ਆਖ-) ਜੇਹੜਾ ਮਨੁੱਖ ਆਪਣੀ ਜੀਭ ਨਾਲ ਇਕ ਮਾਲਕ-ਪ੍ਰਭੂ ਦਾ ਆਰਾਧਨ ਕਰਦਾ ਰਹਿੰਦਾ ਹੈ ਉਸ ਦਾ ਮਨ ਉਸ ਦਾ ਹਿਰਦਾ ਪਰਮਾਤਮਾ ਦੇ ਨਾਮ-ਜਲ ਵਿਚ ਤਰੋ-ਤਰ ਹੋਇਆ ਰਹਿੰਦਾ ਹੈ। ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ ਸਾਰੇ ਗੁਣਾਂ ਵਿਚ ਸਿਆਣਾ ਹੋ ਜਾਂਦਾ ਹੈ।੪।੬।੯।

Waheguru Ji Ka Khalsa
Waheguru Ji Ki Fateh Ji

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ